ਪੁਲਿਸ ਨੇ 8 ਗੈਂਗਸਟਰਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ, ਜੋ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲ ਵਿੱਚ ਵੱਡੀ ਵਾਰਦਾਤ ਕਰਨ ਲਈ ਆਏ ਸਨ। ਪੁਲਿਸ ਨੇ ਇਨ੍ਹਾਂ ਕੋਲੋਂ ਦੋ ਪਸਤੌਲ 32 ਬੋਰ, 20 ਕਾਰਤੂਸ, ਤਿੰਨ ਕਾਰਾਂ ਤੇ ਇੱਕ ਐਕਟਿਵਾ ਸਕੂਟਰ ਤੋਂ ਇਲਾਵਾ ਕੁਝ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਇਨ੍ਹਾਂ ਬਦਮਾਸ਼ਾਂ ਨੂੰ ਹੁਸ਼ਿਆਰਪੁਰ ਦੇ ਵੱਖ-ਵੱਖ ਇਲਾਕਿਆਂ ਤੋਂ ਗ੍ਰਿਫਤਾਰ ਕੀਤਾ ਹੈ।

ਪੁਲਿਸ ਮੁਤਾਬਕ ਇਨ੍ਹਾਂ ਬੰਦਿਆਂ ਨੂੰ ਸੰਗਰੂਰ ਜੇਲ੍ਹ ਵਿੱਚ ਬੰਦ ਗੈਂਗਸਟਰ ਰਾਜੀਵ ਰਾਜਾ ਨੇ ਜੇਲ੍ਹ ਵਿੱਚੋਂ ਹੀ ਭੇਜਿਆ ਸੀ। ਪੁਲਿਸ ਨੇ ਦੱਸਿਆ ਕਿ ਰਾਜਾ ਗੈਂਗ ਨੇ ਸਤਨਾਮ ਦੇ ਭਰਾਵਾਂ ਨੇ ਕੈਨੇਡਾ ਤੋਂ 35 ਲੱਖ ਰੁਪਏ ਦੀ ਸੁਪਾਰੀ ਲਈ ਸੀ, ਜਿਸ ਵਿੱਚੋਂ 10 ਲੱਖ ਦੀ ਅਦਾਇਗੀ ਵੀ ਕਰ ਦਿੱਤੀ ਗਈ ਸੀ। ਰਾਜਾ ਨੇ ਜੇਲ੍ਹ ਵਿੱਚੋਂ ਹੀ ਇਨ੍ਹਾਂ ਬਦਮਾਸ਼ਾਂ ਨੂੰ ਗੜ੍ਹਦੀਵਾਲ ਵਿੱਚ ਸਤਨਾਮ ਦੇ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਭੇਜਿਆ ਸੀ।

ਪ੍ਰੈੱਸ ਕਾਨਫਰੈਂਸ ਵਿੱਚ ਡੀ.ਆਈ.ਜੀ. ਜਲੰਧਰ ਜਸਕਰਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੂੰ ਸਤਨਾਮ ਦੇ ਵਿਰੋਧੀਆਂ ਨੂੰ ਖ਼ਤਮ ਕਰਨ ਦਾ ਕੰਮ ਸੌਂਪਿਆ ਗਿਆ ਸੀ। ਇਸ ਲਈ ਇਹ ਬਦਮਾਸ਼ ਸਤਮਾਨ ਦੀ ਵਿਰੋਧੀ ਧਿਰ ਦੇ ਬੰਦਿਆਂ ਦੀ ਤਲਾਸ਼ ਕਰ ਰਹੇ ਸਨ ਕਿ ਪੁਲਿਸ ਨੇ ਧਰ ਦਬੋਚੇ। ਡੀ.ਆਈ.ਜੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਬਦਮਾਸ਼ਾਂ ਵਿਰੁੱਧ ਪੰਜਾਬ ਵਿੱਚ ਕਈ ਥਾਈਂ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ।

ਦੱਸ ਦੇਈਏ ਕਿ ਸਤਨਾਮ ਉਹੀ ਸਾਬਕਾ ਸਰਪੰਚ ਹੈ ਜਿਸ ਦੀ ਚੰਡੀਗੜ੍ਹ ਦੇ ਸੈਕਟਰ 38 (ਪੱਛਮੀ) ਦੇ ਗੁਰਦੁਆਰੇ ਨੇੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਕੇਸ ਵੀ ਹਾਲੇ ਤਕ ਅਣਸੁਲਝਿਆ ਹੀ ਪਿਆ ਹੈ। ਇਸ ਬਾਰੇ ਪੁਲਿਸ ਨੂੰ ਹੁਣ ਕੋਈ ਸੂਹ ਮਿਲਣ ਦੀ ਆਸ ਹੈ।

LEAVE A REPLY