ਅਮਰੀਕਾ ਨੇ ਸੀਰੀਆ ਖਿਲਾਫ ਯੁੱਧ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ‘ਚ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ। ਅਮਰੀਕਾ ਦੀ ਇਸ ਕਾਰਵਾਈ ‘ਚ ਬ੍ਰਿਟੇਨ ਅਤੇ ਫਰਾਂਸ ਵੀ ਨਾਲ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਅਮਰੀਕਾ ਨੇ ਸੀਰੀਆ ਦੇ ਖਿਲਾਫ ਯੁੱਧ ਛੇੜ ਦਿੱਤਾ ਹੈ ਅਤੇ ਇਸ ‘ਚ ਬ੍ਰਿਟੇਨ ਅਤੇ ਫਰਾਂਸ ਸਾਡੇ ਨਾਲ ਹਨ। ਅਧਿਕਾਰਤ ਅਫਸਰਾਂ ਮੁਤਾਬਕ, ਬ੍ਰਿਟੇਨ ਅਤੇ ਫਰਾਂਸੀਸੀ ਫੌਜਾਂ ਦੇ ਨਾਲ ਅਮਰੀਕੀ ਫੌਜ ਨੇ ਸੀਰੀਆ ਦੇ ਤਿੰਨ ਸਥਾਨਾਂ ‘ਤੇ ਹਮਲਾ ਕੀਤਾ ਹੈ। ਇਨ੍ਹਾਂ ‘ਚ ਦਮਿਸ਼ਕ ਦੇ ਨੇੜੇ ਸਥਿਤ ਇਕ ਵਿਗਿਆਨਕ ਖੋਜ ਕੇਂਦਰ, ਹੋਮਜ਼ ਦੇ ਨੇੜੇ ਰਸਾਇਣਕ ਹਥਿਆਰਾਂ ਦੇ ਭੰਡਾਰ ਅਤੇ ਹੋਮਜ਼ ‘ਚ ਸਟੋਰੇਜ ਸਹੂਲਤ ਅਤੇ ਕਮਾਂਡ ਪੋਸਟ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਸੀ, ਜਿਸ ‘ਚ 60 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕਾ ਵੱਲੋਂ ਉਸ ਸਮੇਂ ਹੀ ਸੀਰੀਆ ਖਿਲਾਫ ਪ੍ਰਤੀਕਿਰਿਆ ਦਿੱਤੀ ਗਈ ਸੀ। ਟਰੰਪ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਰਸਾਇਣਕ ਹਥਿਆਰਾਂ ਦੀ ਵਰਤੋਂ ਕਾਰਨ ਹੀ ਅਮਰੀਕਾ ਨੇ ਸੀਰੀਆ ‘ਤੇ ਜਵਾਬੀ ਕਾਰਵਾਈ ਕੀਤੀ ਹੈ।
ਟਰੰਪ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਬ੍ਰਿਟੇਨ ਅਤੇ ਫਰਾਂਸ ਦੇ ਸਹਿਯੋਗ ਅਤੇ ਸਹਿਮਤੀ ਦੇ ਆਧਾਰ ‘ਤੇ ਅਮਰੀਕਾ ਨੇ ਸੀਰੀਆ ‘ਤੇ ਹਮਲੇ ਕੀਤੇ ਹਨ ਅਤੇ ਉਹ ਫੌਜੀ ਕਾਰਵਾਈ ਅਜੇ ਜਾਰੀ ਰੱਖਣਗੇ। ਉਨ੍ਹਾਂ ਨੇ ਰੂਸ ਨੂੰ ਚਿਤਾਵਨੀ ਦਿੰਦੇ ਹੋਏ ਇਹ ਵੀ ਕਿਹਾ ਕਿ ਇਹ ਹਮਲਾ ਸੀਰੀਆ ਦੇ ਰਾਸ਼ਟਰਪਤੀ ਅਸਦ ਨੂੰ ਰਸਾਇਣਕ ਹਥਿਆਰਾਂ ਦੀ ਵਰਤੋਂ ਤੋਂ ਰੋਕਣ ਲਈ ਰੂਸ ਦੀ ਅਸਫਲਤਾ ਦਾ ਸਿੱਧਾ ਨਤੀਜਾ ਹੈ।
ਦੱਸ ਦਈਏ ਕਿ ਪਿਛਲੇ ਸੱਤ ਸਾਲਾਂ ਤੋਂ ਸੀਰੀਆ ਗ੍ਰਹਿ ਯੁੱਧ (ਘਰੇਲੂ ਯੁੱਧ) ‘ਚ ਉਲਝਿਆ ਹੋਇਆ ਹੈ। ਲੱਖਾਂ ਸੀਰੀਆਈ ਨਾਗਰਿਕਾਂ ਨੂੰ ਦੁਨੀਆ ਦੇ ਦੂਜੇ ਦੇਸ਼ਾਂ ‘ਚ ਸ਼ਰਣ ਲੈਣੀ ਪੈ ਰਹੀ ਹੈ। ਸੀਰੀਆ ਦੇ ਗ੍ਰਹਿ ਯੁੱਧ ਵਰਗੇ ਹਾਲਾਤ ‘ਚ ਅਮਰੀਕਾ ਦੀ ਫੌਜੀ ਕਾਰਵਾਈ ਨਾਲ ਇਕ ਹੋਰ ਘਟਨਾ ਜੁੜ ਗਈ ਹੈ।

LEAVE A REPLY