ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਉਨ੍ਹਾਂ ਸੂਬਿਆਂ ਨੂੰ ਮਦਦ ਮੁਹੱਈਆ ਕਰਵਾਏਗਾ ਜੋ ਆਪਣੇ ਸਕੂਲ ਕਰਮਚਾਰੀਆਂ ਨੂੰ ਹਥਿਆਰਾਂ ਨਾਲ ਮਜ਼ਬੂਤ ਬਣਾਉਣਾ ਚਾਹੁੰਦੇ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਪਿਛਲੇ ਮਹੀਨੇ ਫਲੋਰੀਡਾ ਸਕੂਲ ‘ਚ ਗੋਲੀਬਾਰੀ ਦੌਰਾਨ 17 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਸਕੂਲਾਂ ਦੀ ਸੁਰੱਖਿਆ ਵਧਾਉਣ ਦੀ ਯੋਜਨਾ ਤਹਿਤ ਇਹ ਕਦਮ ਚੁੱਕਿਆ ਜਾਵੇਗਾ। ਸਿੱਖਿਆ ਮੰਤਰੀ ਬੇਤਸੀ ਡੀਵੋਸ ਨੇ ਪੱਤਰਕਾਰਾਂ ਨਾਲ ਕਾਨਫਰੰਸ ਕਾਲ ਵਿਚ ਕਿਹਾ ਕਿ ਸਕੂਲ ਕਰਮਚਾਰੀਆਂ ਨੂੰ ਹਥਿਆਰ ਮੁਹੱਈਆ ਕਰਾਉਣਾ ਸਕੂਲ ਸੁਰੱਖਿਆ ਵਧਾਉਣ ਅਤੇ ਅਜਿਹਾ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਯੋਜਨਾ ਦਾ ਹਿੱਸਾ ਹੈ। ਸਕੂਲਾਂ ਵਿਚ ਹਥਿਆਰ ਰੱਖਣ ਦੇ ਵਿਵਾਦਪੂਰਨ ਵਿਚਾਰ ਨੂੰ ਵਿੱਦਿਅਕ ਅਦਾਰਿਆਂ ‘ਚੋਂ ਬਹੁਤ ਘੱਟ ਦਾ ਸਮਰਥਨ ਮਿਲਿਆ ਹੈ। ਰਾਸ਼ਟਰਪਤੀ ਟਰੰਪ ਨੇ ਕਾਂਗਰਸ ਤੋਂ ਉਸ ਬਿੱਲ ਨੂੰ ਵੀ ਪਾਸ ਕਰਨ ਦੀ ਅਪੀਲ ਕੀਤੀ ਹੈ, ਜੋ ਜਾਂਚ ਅਤੇ ਹਿੰਸਾ ਰੋਕਥਾਮ ਪ੍ਰੋਗਰਾਮਾਂ ਨੂੰ ਅਮਲ ਵਿਚ ਲਿਆਉਣ ‘ਤੇ ਜ਼ੋਰ ਦਿੰਦਾ ਹੈ।

LEAVE A REPLY