ਵਾਸ਼ਿੰਗਟਨ(ਭਾਸ਼ਾ)—ਵ੍ਹਾਈਟ ਹਾਊਸ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰੂਸੀ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਵਿਸ਼ੇਸ਼ ਵਕੀਲ ਵੱਲੋਂ ਡਿਊਸ਼ ਬੈਂਕ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿੱਤੀ ਰਿਕਾਰਡ ਮੰਗਾਏ ਜਾਣ ਦੀ ਖਬਰ ਤੋਂ ਇਨਕਾਰ ਕੀਤਾ ਹੈ। ਮਾਮਲੇ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਜਰਮਨੀ ਦੇ ਸਭ ਤੋਂ ਵੱਡੇ ਬੈਂਕ ਨੂੰ ਅਮਰੀਕੀ ਰਾਸ਼ਟਰਪਤੀ ਨਾਲ ਕੀਤੇ ਗਏ ਵਪਾਰਕ ਲੈਨ-ਦੇਣ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਪੇਸ਼ ਕਰਨ ਦੀ ਮੰਗ ਵਾਲਾ ਸੰਮਨ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਬਲੂਮਬਰਗ ਅਤੇ ਜਰਮਨ ਅਖਬਾਰ ਨੇ ਵਿਸ਼ੇਸ਼ ਵਕੀਲ ਰਾਬਰਟ ਮਿਊਲਰ ਵੱਲੋਂ ਦਸਤਾਵੇਜ਼ ਮੰਗਾਏ ਜਾਣ ਸਬੰਧੀ ਸੰਮਨ ਭੇਜਣ ਦੀ ਖਬਰ ਦਿੱਤੀ ਸੀ। ਹਾਲਾਂਕਿ ਵ੍ਹਾਈਟ ਹਾਊਸ ਦੀ ਬੁਲਾਰਨ ਸਾਰਾ ਸੈਂਡਰਸ ਨੇ ਟਰੰਪ ਨਾਲ ਜੁੜੇ ਵਿੱਤੀ ਰਿਕਾਰਡ ਮੰਗਾਏ ਜਾਣ ਦੀ ਖਬਰ ਨੂੰ ”ਇਕਦਮ ਗਲਤ” ਦੱਸਿਆ। ਟਰੰਪ ਦੇ ਨਿੱਜੀ ਵਕੀਲ ਜੇ ਸੇਕਿਊਲੋਵ ਨੇ ਵੀ ਇਸ ਖਬਰ ਨੂੰ ਗਲਤ ਦੱਸਿਆ। ਸੇਕਿਊਲੋਵ ਨੇ ਇਕ ਬਿਆਨ ਜਾਰੀ ਕਰਕੇ ਕਿਹਾ, ”ਅਸੀਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵਿਸ਼ੇਸ਼ ਵਕੀਲ ਵੱਲੋਂ ਰਾਸ਼ਟਰਪਤੀ ਨਾਲ ਸਬੰਧਤ ਆਰਥਿਕ ਰਿਕਾਰਡ ਮੰਗਾਏ ਜਾਣ ਦੀ ਖਬਰ ਇਕਦਮ ਗਲਤ ਹੈ।” ਰਾਸ਼ਟਰਪਤੀ ਦਫ਼ਤਰ ਦੇ ਇਨਕਾਰ ਤੋਂ ਬਾਅਦ ਮਾਮਲੇ ਨਾਲ ਜੁੜੇ ਇਕ ਸੂਤਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਡਿਊਸ਼ ਬੈਂਕ ਨੂੰ ਕਈ ਹਫ਼ਤੇ ਪਹਿਲਾਂ ਇਹ ਐਪਲੀਕੇਸ਼ਨ ਮਿਲੀ ਸੀ। ਉਥੇ ਹੀ ਜਰਮਨ ਬੈਂਕ ਦੀ ਬੁਲਾਰਨ ਨੇ ਇਸ ਉੱਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

LEAVE A REPLY