ਕੰਟਰੋਲ ਰੇਖਾ ‘ਤੇ ਤਣਾਅ ਨੂੰ ਲੈ ਕੇ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਦੀ ਚਿੰਤਾ ‘ਤੇ ਜ਼ੋਰ ਦਿੰਦਿਆਂ ਸੰਯੁਕਤ ਰਾਸ਼ਟਰ ਦੇ ਇਕ ਪ੍ਰਮੁੱਖ ਅਧਿਕਾਰੀ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਭਾਰਤ ਨਾਲ ਸਾਰੇ ਲੰਬਿਤ ਮੁੱਦਿਆਂ ਨੂੰ ਸ਼ਾਂਤੀਪੂਰਣ ਤਰੀਕੇ ਨਾਲ ਹੱਲ ਕਰੇ। ਸਿਆਸੀ ਮਾਮਲਿਆਂ ਲਈ ਸੰਯੁਕਤ ਰਾਸ਼ਟਰ ਦੇ ਸਹਾਇਕ ਜਨਰਲ ਸਕੱਤਰ ਮਿਰੋਸਲਾਵ ਜੇਨਕਾ ਨੇ 13 ਅਪ੍ਰੈਲ ਨੂੰ ਆਪਣੇ ਪਾਕਿਸਤਾਨ ਦੌਰੇ ਦੀ ਸਮਾਪਤੀ ਦੇ ਬਾਅਦ ਇਹ ਟਿੱਪਣੀ ਕੀਤੀ। ਉਨ੍ਹਾਂ ਨੇ 12 ਅਪ੍ਰੈਲ ਨੂੰ ਵਿਦੇਸ਼ ਸਕੱਤਰ ਤਹਿਮੀਨਾ ਜਾਂਜੁਆ ਅਤੇ ਵਿਦੇਸ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਤਸਨੀਮ ਅਸਲਮ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕੂਟਨੀਤਕ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਸੰਯੁਕਤ ਰਾਸ਼ਟਰ ਦੀ ਦੇਸ਼ ਟੀਮ (ਯੂ. ਐੱਨ ਸੀ. ਟੀ.) ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਸੰਯੁਕਤ ਰਾਸ਼ਟਰ ਦੇ ਬੁਲਾਰਾ ਦੇ ਦਫਤਰ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਜੇਨਕਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਨਰਲ ਸਕੱਤਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੰਟਰੋਲ ਰੇਖਾ ‘ਤੇ ‘ਵੱਧਦੇ ਤਣਾਅ’ ਨੂੰ ਲੈ ਕੇ ਚਿੰਤਤ ਹਨ। ਜੇਨਕਾ ਨੇ ਇਸਲਾਮਾਬਾਦ ਵਿਚ ਆਪਣੀ ਗੱਲਬਾਤ ਨੂੰ ਰੇਖਾਂਕਿਤ ਕਰਦਿਆਂ ਕਿਹਾ ਕਿ ਪਾਕਿਸਤਾਨ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਅਤੇ ਬਹੁਪੱਖਤਾਵਾਦ ਦੇ ਮਹੱਤਵ ਨੂੰ ਸਮਝਦਾ ਹੈ।

LEAVE A REPLY