ਐਤਵਾਰ ਨੂੰ ਬੰਗਾ-ਫਗਵਾੜਾ ਮੁੱਖ ਮਾਰਗ ‘ਤੇ ਪੈਂਦੀ ਨਵੀਂ ਦਾਣਾ ਮੰਡੀ ਦੇ ਸਾਹਮਣੇ ਦੋ ਕਾਰਾ ਅਤੇ ਇਕ ਬੱਸ ਵਿਚਕਾਰ ਹੋਈ ਟੱਕਰ ‘ਚ ਇਕ ਔਰਤ ਦੇ ਗੰਭੀਰ ਅਤੇ 5 ਦੇ ਮਾਮੂਲੀ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਸਵਿੱਫਟ ਕਾਰ ਨੰਬਰ ਪੀ ਬੀ 08 ਸੀ ਵਾਈ 7389 ਜਿਸ ਨੂੰ ਰਿਪੂਦਮਨ ਸਿੰਘ ਪੁੱਤਰ ਸ. ਕਮਲਜੀਤ ਸਿੰਘ ਵਾਸੀ ਜੀ. ਟੀ. ਬੀ ਨਗਰ ਜਲੰਧਰ ਚਲਾ ਰਿਹਾ ਸੀ ਜੋ ਕਿ ਜਲੰਧਰ ਤੋਂ ਬੰਗਾ ਸ਼ਹਿਰ ਕਿਸੇ ਨਿੱਜੀ ਕੰਮ ਲਈ ਆ ਰਿਹਾ ਸੀ। ਉਪਰੋਕਤ ਕਾਰ ਸਵਾਰ ਜਦੋਂ ਦੁਰਘਟਨਾ ਸਥਾਨ ‘ਤੇ ਪੁੱਜਾ ਤਾਂ ਆਪਣੇ ਤੋਂ ਅੱਗੇ ਜਾ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਨੰਬਰ ਪੀ. ਬੀ. 13 ਏ ਆਰ 4647 ਨੂੰ ਗਲਤ ਸਾਈਡ ਤੋਂ ਉਵਰਟੇਕ ਕਰਨ ਲੱਗ ਪਿਆ ।ਜਿਵੇਂ ਹੀ ਉਸ ਨੇ ਬੱਸ ਨੂੰ ਉਵਰਟੇਕ ਕਰਨਾ ਸ਼ੁਰੂ ਕੀਤਾ ਤਾ ਬੱਸ ਚਾਲਕ ਆਪਣੇ ਤੋਂ ਅੱਗੇ ਜਾ ਇਕ ਹੋਰ ਆਲਟੋ ਕਾਰ ਨੰਬਰ ਪੀ. ਬੀ. 22 ਐੱਫ 0126 ਜਿਸ ਨੂੰ ਹੀਰਾ ਸਿੰਘ ਨਾਮੀ ਵਿਅਕਤੀ ਚਲਾ ਰਿਹਾ ਸੀ, ਉਸ ਦੇ ਨਾਲ ਉਸ ਦੀ ਪਤਨੀ ਹਰਪ੍ਰੀਤ ਕੋਰ ਮਾਤਾ ਕੁਲਦੀਪ ਕੋਰ ਬੇਟਾ ਮਨਕੀਰਤ ਸਿੰਘ ਤੇ ਆਪਣੇ ਦੋਸਤ ਤਜਿੰਦਰ ਸਿੰਘ ਪੁੱਤਰ ਅਜਮੇਰ ਸਿੰਘ ਦੇ ਨਾਲ ਕਪੂਰਥਲਾ ਤੋਂ ਸ੍ਰੀ ਆਨੰਦਪੁਰ ਸਾਹਿਬ ਮੱਥਾ ਟੇਕਣ ਜਾ ਰਹੇ ਸਨ, ਨੂੰ ਵੀ ਗਲਤ ਸਾਈਡ ਤੋਂ ਉਵਰਟੇਕ ਕਰਨ ਲੱਗ ਪਿਆ ਅਤੇ ਦੇਖਦੇ ਹੀ ਦੇਖਦੇ ਬੱਸ ਦੇ ਪਿਛੇ ਆ ਰਹੀ ਉਪਰੋਕਤ ਸਵਿੱਫਟ ਕਾਰ ਬੱਸ ਨਾਲ ਟਕਰਾ ਗਈ ਅਤੇ ਤੇਜ਼ ਰਫਤਾਰ ਹੋਣ ਕਾਰਨ ਬੇਕਾਬੂ ਹੋ ਗਈ। ਇਸੇ ਦੌਰਾਨ ਸੜਕ ਵਿਚਕਾਰ ਬਣੇ ਡਿਵਾਇਡਰ ਨਾਲ ਟਕਰਾਉਂਦੀ ਹੋਈ ਬੱਸ ਤੋਂ ਅੱਗੇ ਜਾ ਰਹੀ ਆਲਟੋ ਕਾਰ ਨਾਲ ਜਾ ਟਕਰਾਈ, ਜਿਸ ਦੇ ਨਤੀਜੇ ਵਜੋਂ ਜਿੱਥੇ ਆਲਟੋ ਕਾਰ ਬੇਕਾਬੂ ਹੋਕੇ ਸੜਕ ਕਿਨਾਰੇ ਪਲਟ ਗਈ ਉਥੇ ਹੀ ਸਵਿੱਫਟ ਕਾਰ ਵੀ ਪਲਟ ਗਈ ਜਿਸ ਦੇ ਫਲਸਰੂਪ ਜਿੱਥੇ ਦੋਵੇ ਕਾਰਾਂ ‘ਚ ਸਵਾਰ 5 ਵਿਅਕਤੀਆ ਦੇ ਮਾਮੂਲੀ ਸੱਟਾ ਲੱਗੀਆ। ਉਥੇ ਹੀ ਆਲਟੋ ਕਾਰ ਸਵਾਰ ਹਰਪ੍ਰੀਤ ਕੋਰ ਇਸ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ।ਜਿਸ ਨੂੰ ਮੌਕੇ ਤੋਂ ਲੋਕਾਂ ਦੀ ਮਦਦ ਨਾਲ ਗੁਰੂ ਨਾਨਕ ਮਿਸ਼ਨ ਹਸਪਾਤਾਲ ਢਾਹਾ ਕਲੇਰਾ ਦਾਖਲ ਕਰਵਾਇਆ ਗਿਆ ।ਜਦੋਂ ਕਿ ਮੌਕੇ ਤੋਂ ਬੱਸ ਚਾਲਕ ਸਮੇਤ ਬੱਸ ਫਰਾਰ ਹੋ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਥਾਣਾ ਸਿਟੀ ਬੰਗਾ ਦੇ ਏ. ਐੱਸ. ਆਈ ਭੋਲਾ ਅਮੀਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ‘ਤੇ ਪੁੱਜੇ ਲੋਕਾਂ ਵੱਲੋਂ ਦੁਆਰਾ ਮਿਲੀ ਜਾਣਕਾਰੀ ਦੇ ਆਧਾਰ ‘ਤੇ ਬੱਸ ਲੈ ਕੇ ਫਰਾਰ ਹੋਏ ਚਾਲਕ ਨੂੰ ਬਲਾਚੋਰ ਨੇੜੇ ਤੋ ਫੜ ਲਿਆ ਅਤੇ ਹਾਦਸਾ ਗ੍ਰਸਤ ਵਾਹਨ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY