ਸੰਯੁਕਤ ਰਾਸ਼ਟਰ ਨੇ ਬੰਗਲਾਦੇਸ਼-ਮਿਆਂਮਾਰ ਦੀ ਸਰਹੱਦ ‘ਤੇ ਕਰੀਬ 15 ਹਜ਼ਾਰ ਰੋਹਿੰਗਿਆ ਸ਼ਰਣਾਰਥੀਆਂ ਦੇ ਫਸੇ ਹੋਣ ‘ਤੇ ਚਿੰਤਾ ਪ੍ਰਗਟਾਈ ਹੈ। ਸੰਯੁਕਤ ਰਾਸ਼ਟਰ ਸ਼ਰਣਾਰਥੀ ਏਜੰਸੀ ਦੇ ਬੁਲਾਰੇ ਅੰਦ੍ਰੇਜ ਮੈਹਕਿਕ ਨੇ ਕਿਹਾ ਕਿ ਐਤਵਾਰ ਰਾਤ ਤੱਕ 10 ਤੋਂ 15 ਹਜ਼ਾਰ ਦੇ ਕਰੀਬ ਰੋਹਿੰਗਿਆ ਸ਼ਰਣਾਰਥੀ ਅੰਜੁਮਨ ਪਾਰਾ ਬਾਰਡਰ ਨੂੰ ਪਾਰ ਕਰਕੇ ਬੰਗਲਾਦੇਸ਼ ਆਏ ਹਨ।

ਮੈਹਕਿਕ ਮੁਤਾਬਕ ਕੁਝ ਸ਼ਰਣਾਰਥੀਆਂ ਨੇ ਦੱਸਿਆ ਕਿ ਹਿੰਸਾ ਦੇ ਬਾਵਜੂਦ ਕੁਝ ਲੋਕ ਰਖਾਇਨ ‘ਚ ਹੀ ਰਹਿ ਰਹੇ ਹਨ ਪਰ ਉਨ੍ਹਾਂ ਦੇ ਘਰ ਸਾੜ ਦਿੱਤੇ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਵੀ ਜਾਨ ਬਚਾ ਕੇ ਭੱਜਣਾ ਹੀ ਪਵੇਗਾ।

ਜ਼ਿਕਰਯੋਗ ਹੈ ਕਿ ਮਿਆਂਮਾਰ ਦੇ ਰਖਾਇਨ ਇਲਾਕੇ ‘ਚ 25 ਅਗਸਤ ਤੋਂ ਜਾਰੀ ਹਿੰਸਾ ਦੇ ਕਾਰਨ ਕਰੀਬ 5 ਲੱਖ 82 ਹਜ਼ਾਰ ਰੋਹਿੰਗਿਆ ਮੁਸਲਮਾਨ ਆਪਣੀ ਜਾਨ ਬਚਾ ਕੇ ਬੰਗਲਾਦੇਸ਼ ਭੱਜ ਰਹੇ ਹਨ। ਸੰਯੁਕਤ ਰਾਸ਼ਟਰ ਸਮੇਤ ਕਈ ਮੁਲਕਾਂ ਨੇ ਰੋਹਿੰਗਿਆ ਦੇ ਖਿਲਾਫ ਹਿੰਸਾ ਦੀ ਨਿੰਦਾ ਕੀਤੀ ਹੈ।

ਅਮਰੀਕਾ ਨੇ ਮਿਆਂਮਾਰ ਦੀ ਫ਼ੌਜ ਨੂੰ ਰੋਹਿੰਗਿਆ ਮੁਸਲਮਾਨਾਂ ‘ਤੇ ਸਖ਼ਤ ਕਾਰਵਾਈ ਲਈ ਜ਼ੁੰਮੇਵਾਰ ਦੱਸਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਵਾਸ਼ਿੰਗਟਨ ਦੇ ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨ ਸਟੀਜ਼ ਥਿੰਕ ਟੈਂਕ ‘ਚ ਕਿਹਾ ਕਿ ਮਿਆਂਮਾਰ ਦੇ ਰਖਾਇਨ ਇਲਾਕੇ ‘ਚ ਰੋਹਿੰਗਿਆ ਮੁਸਲਮਾਨਾਂ ਖਿਲਾਫ ਕਾਰਵਾਈ ਲਈ ਉੱਥੇ ਦੀ ਫ਼ੌਜ ਜ਼ੁੰਮੇਵਾਰ ਹੈ। ਉਨ੍ਹਾਂ ਕਿਹਾ ਮਿਆਂਮਾਰ ਦੇ ਫੌਜ ਦੇ ਲੀਡਰਾਂ ਖਿਲਾਫ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਬਾਰੇ ਕੁਝ ਨਹੀਂ ਕਿਹਾ ਗਿਆ ਹੈ।

LEAVE A REPLY