ਬਾਘਾਪੁਰਾਣਾ\ਮੋਗਾ (ਪਵਨ ਗਰੋਵਰ, ਗੋਪੀ ਰਾਊਕੇ, ਮੁਨੀਸ਼) : ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ 17 ਦਸੰਬਰ ਨੂੰ ਹੋ ਰਹੀਆਂ ਮਿਊਂਸੀਪਲ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਕਈ ਸ਼ਹਿਰਾਂ ਵਿਚ ਵੱਡੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਮੋਗਾ ਜ਼ਿਲੇ ਦੇ ਸ਼ਹਿਰ ਬਾਘਾਪੁਰਾਣਾ ਵਿਚ ਨਗਰ ਕੌਸਲ ਦੀਆਂ ਚੋਣਾਂ ਨੂੰ ਲੈ ਕੇ ਉਸ ਸਮੇਂ ਲੋਕਤੰਤਰ ਦਾ ਘਾਣ ਹੋਇਆ ਜਦੋਂ ਸੱਤਾਧਾਰੀ ਪਾਰਟੀ ਦੇ ਵਿਰੋਧ ਵਿਚ ਨਾਮਜ਼ਦਗੀ ਭਰਨ ਆਏ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਦੀ ਕਾਂਗਰਸ ਦੇ ਕੁਝ ਵਰਕਰਾਂ ਵਲੋਂ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਤਕ ਵੀ ਪਾੜ ਦਿੱਤੇ ਗਏ। ਮਾਮਲਾ ਇਥੋਂ ਤਕ ਵੱਧ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਘਾਪੁਰਾਣਾ ਸ਼ਹਿਰੀ ਦੇ ਪ੍ਰਧਾਨ ਪਵਨ ਢੰਡ ਦੀ ਖਿੱਚ ਧੂਹ ਤੋਂ ਬਾਅਦ ਉਸ ਦੀ ਦੋ ਵਾਰ ਕੁੱਟਮਾਰ ਕੀਤੀ ਗਈ। ਪਤਾ ਲੱਗਾ ਹੈ ਕਿ ਕੁੱਟਮਾਰ ਕਾਰਨ ਉਸ ਦਾ ਮੋਢਾ ਨਿਕਲ ਗਿਆ ਹੈ ਜੋ ਕਿ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਹੈ।
ਇਸ ਤੋਂ ਇਲਾਵਾ ਬਾਘਾਪੁਰਾਣਾ ਵਿਖੇ ਹੀ ਕਾਂਗਰਸੀ ਅਤੇ ਅਕਾਲੀ-ਭਾਜਪਾ ਗਠਜੋੜ ਵਰਕਰਾਂ ਵਿਚਕਾਰ ਹੋਈ ਝੜਪ ਦੌਰਾਨ ਕੁਝ ਵਿਅਕਤੀਆਂ ਦੀਆਂ ਪੱਗਾਂ ਵੀ ਲੱਥ ਗਈਆਂ। ਬਾਘਾਪੁਰਾਣਾ ਤਹਿਸੀਲ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਮੋਗਾ ਦਿਹਾਤੀ ਦੇ ਪ੍ਰਧਾਨ ਤੀਰਥ ਸਿੰਘ ਬਾਹਲਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਪਾਰਟੀ ਵਲੋਂ 2 ਦਸੰਬਰ ਨੂੰ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਬਾਘਾਪੁਰਾਣਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅੱਜ ਤਕ ਵੀ ਨੋ ਡਿਊਜ਼ ਸਰਟੀਫਿਕੇਟ ਨਹੀਂ ਜਾਰੀ ਕੀਤੇ।
ਉਨ੍ਹਾਂ ਦੱਸਿਆ ਕਿ ਪਾਰਟੀ ਵਲੋਂ ਦਬਾਅ ਬਨਾਉਣ ਉਪਰੰਤ ਆਖਿਰਕਾਰ ਕਾਰਜਸਾਧਕ ਅਫਸਰ ਨੇ ਨੋ ਡਿਊਜ਼ ਸਰਟੀਫਿਕੇਟ ਤਾਂ ਜਾਰੀ ਕਰ ਦਿੱਤੇ ਪਰ ਅੱਜ ਜਦੋਂ ਨਾਮਜ਼ਦਗੀਆਂ ਭਰਨ ਦੇ ਅਖੀਰਲੇ ਦਿਨ ਗਠਜੋੜ ਦੇ ਉਮਿਦਵਾਰ ਰਿਟਰਨਿੰਗ ਅਧਿਕਾਰੀ ਕੋਲ ਪਹੁੰਚੇ ਤਾਂ ਜਿੱਥੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ, ਉਥੇ ਹੀ ਪਹਿਲਾਂ ਤੋਂ ਹੀ ਤਾਇਨਾਤ ਕਾਂਗਰਸ ਦੇ ਵਰਕਰਾਂ ਨੇ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਅਕਾਲੀ ਉਮੀਦਵਾਰਾਂ ਨਾਲ ਜ਼ਬਰੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਵੀ ਪਾੜ ਦਿੱਤੇ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸੀਆਂ ਵਲੋਂ ਕੀਤੀ ਕੁੱਟਮਾਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਵਨ ਢੰਡ, ਸਾਬਕਾ ਚੇਅਰਮੈਨ ਹਰਮੇਲ ਸਿੰਘ ਮੌੜ, ਬਲਤੇਜ ਸਿੰਘ ਲੰਗਿਆਣਾ ਅਤੇ ਸ਼ਿਵ ਸ਼ਰਮਾ ਸਮੇਤ ਅਨੇਕਾਂ ਵਿਅਕਤੀਆਂ ਦੇ ਸਿਰ ਪਾਟ ਗਏ ਅਤੇ ਗੁੱਝੀਆਂ ਸੱਟਾਂ ਲੱਗੀਆਂ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਵਲੋਂ ਪਿਛਲੇ ਦਸ ਸਾਲਾਂ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਦੀ ਬਦੌਲਤ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਜਿੱਤ ਰਹੇ ਸਨ ਅਤੇ ਆਪਣੀ ਹਾਰ ਦੇ ਡਰੋਂ ਕਾਂਗਰਸੀਆਂ ਨੇ ਅੱਜ ਲੋਕਤੰਤਰ ਦਾ ਕਤਲੇਆਮ ਕੀਤਾ ਹੈ। ਇਸ ਸੰਬੰਧੀ ਉਨ੍ਹਾਂ ਮੌਕੇ ‘ਤੇ ਪਹੁੰਚੇ ਚੋਣ ਕਮਿਸ਼ਨ ਅਬਜ਼ਰਵਰ ਤੇਜਿੰਦਰ ਸਿੰਘ ਧਾਰੀਵਾਲ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ।
ਉਧਰ ਦੂਜੇ ਪਾਸੇ ਕਾਂਗਰਸ ਪਾਰਟੀ ਨਾਲ ਸੰਬੰਧਤ ਹਲਕਾ ਬਾਘਾਪੁਰਾਣਾ ਦੇ ਵਿਧਾਇਕਦ ਦਰਸ਼ਨ ਸਿੰਘ ਬਰਾੜ ਅਤੇ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਆਪਣੀ ਹਾਰ ਨੂੰ ਦੇਖਦਿਆਂ ਹੋਇਆਂ ਅਕਾਲੀ-ਭਾਜਪਾ ਉਮੀਦਵਾਰਾਂ ਵਲੋਂ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤਾਂ ਪਹਿਲਾਂ ਹੀ ਆਪਣਾ ਵਜੂਦ ਵਿਧਾਨ ਸਭਾ ਚੋਣਾਂ ਦੌਰਾਨ ਗੁਆ ਚੁੱਕਾ ਹੈ ਕਿਉਂਕਿ ਉਸ ਸਮੇਂ ਬਾਘਾਪੁਰਾਣਾ ਦੇ ਵੋਟਰਾਂ ਨੇ ਅਕਾਲੀ ਦਲ ਨੂੰ ਤੀਜੇ ਨੰਬਰ ‘ਤੇ ਲਿਆ ਦਿੱਤਾ ਸੀ ਪਰੰਤੂ ਹੁਣ ਅਕਾਲੀ-ਭਜਪਾ ਗਠਜੋੜ ਦੇ ਆਗੂ ਆਪਣੀ ਹਾਰ ਲੁਕਾਉਣ ਲਈ ਕਾਂਗਰਸੀਆਂ ਉਪਰ ਝੂਠੇ ਇਲਜ਼ਾਮ ਲਗਾ ਰਹੇ ਹਨ। ਖਬਰ ਲਿਖੇ ਜਾਣ ਤਕ ਬਾਘਾਪੁਰਾਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਿਰਫ ਇਕ ਉਮੀਦਵਾਰ ਨੇ ਹੀ ਨਾਮਜ਼ਦਗੀ ਪੱਤਰ ਭਰੇ ਸਨ ਜਦਕਿ ਕਾਂਗਰਸ ਪਾਰਟੀ ਅਤੇ ਹੋਰਨਾਂ ਆਜ਼ਾਦ ਉਮੀਦਵਾਰਾਂ ਸਮੇਤ 19 ਹੋਰ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਬਾਘਾਪੁਰਾਣਾ ਦੇ ਰਿਟਰਨਿੰਗ ਅਫਸਰ ਕੋਲ ਦਾਖਲ ਕਰ ਦਿੱਤੇ ਸਨ।

LEAVE A REPLY