ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਮੀਤ ਪ੍ਰਧਾਨ ਅਤੇ ਪਟਿਆਲਾ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਦੇ ਲਈ ਸੂਬਾ ਅਹੁਦੇਦਾਰ ਇੰਚਾਰਜ ਹਰਜੀਤ ਸਿੰਘ ਗਰੇਵਾਲ ਅੱਜ ਸੂਬਾ ਸਕੱਤਰ ਵਿਨੀਤ ਜੋਸ਼ੀ ਨਾਲ ਚੋਣ ਕਮਿਸ਼ਨਰ ਨੂੰ ਮਿਲੇ ਤੇ ਉਨ੍ਹਾਂ ਪਟਿਆਲਾ ਦੇ ਅੰਦਰ ਕਾਂਗਰਸ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ, ਸਿਵਲ ਪ੍ਰਸ਼ਾਸਨ ਦੀ ਦੁਰਵਰਤੋਂ, ਪੁਲਸ ਦੀ ਦੁਰਵਰਤੋਂ ਦੀ ਜਾਣਕਾਰੀ ਦਿੱਤੀ। ਗਰੇਵਾਲ ਨੇ ਚੋਣ ਕਮਿਸ਼ਨਰ ਨੂੰ ਦੱਸਿਆ ਕਿ ਕਿਸ ਤਰ੍ਹਾਂ ਸਿਵਲ ਪੁਲਸ ਅਫਸਰ ਅਕਾਲੀ-ਭਾਜਪਾ ਦੇ ਉਮੀਦਵਾਰਾਂ ‘ਤੇ ਦਬਾਅ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਧਮਕਾ ਰਹੇ ਹਨ। ਪਟਿਆਲਾ ਵਿਚ ਪੁਲਸ ਨੇ ਸਾਰੀਆਂ ਹੱਦਾਂ ਪਾਰ ਕੀਤੀਆਂ ਹੋਈਆਂ ਹਨ ਅਤੇ ਥਾਣਾ ਪੱਧਰ ‘ਤੇ ਪੁਲਸ ਤਾਂ ਕਾਂਗਰਸੀ ਵਰਕਰ ਵਜੋਂ ਵਿਰੋਧੀਆਂ ਨੂੰ ਡਰਾ ਧਮਕਾ ਰਹੀ ਹੈ। ਪਟਿਆਲਾ ਤੋਂ ਭਾਜਪਾ ਉਮੀਦਵਾਰਾਂ ਵੱਲੋਂ ਭੇਜੀ ਗਈਆਂ ਸ਼ਿਕਾਇਤਾਂ ਵੀ ਗਰੇਵਾਲ ਨੇ ਕਮਿਸ਼ਨਰ ਨੂੰ ਸੌਂਪੀਆਂ ਅਤੇ ਮੰਗ ਕੀਤੀ ਕਿ ਪਟਿਆਲਾ ਵਿਚ ਚੋਣਾਂ ਦੌਰਾਨ ਪੰਜਾਬ ਪੁਲਸ ਦੀ ਥਾਂ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਜਾਵੇ।
ਵਿਨੀਤ ਜੋਸ਼ੀ ਨੇ ਚੋਣ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਗੁਰਦਾਸਪੁਰ ਜ਼ਿਮਨੀ ਚੋਣਾਂ ਵਿਚ ਪੁਲਸ ਦੀ ਦੁਰਵਰਤੋਂ ਨਾਲ ਕਾਂਗਰਸ ਨੇ ਜਿੱਤ ਹਾਸਲ ਕੀਤੀ ਅਤੇ ਉਸੇ ਤਰ੍ਹਾਂ ਹੁਣ ਮਿਊਂਸੀਪਲ ਚੋਣਾਂ ਦੇ ਹਰ ਪੜਾਅ ਵਾਰਡਬੰਦੀ, ਵੋਟਰ ਸੂਚੀ ਨੋਟੀਫਿਕੇਸ਼ਨ, ਐੱਨ. ਓ. ਸੀ., ਨਾਮਜ਼ਦਗੀ ਆਦਿ ‘ਤੇ ਸਿਵਲ ਅਤੇ ਖਾਸ ਤੌਰ ‘ਤੇ ਪੁਲਸ ਦੀ ਦੁਰਵਰਤੋਂ ਦੀਆਂ ਖਬਰਾਂ ਅਖਬਾਰਾਂ, ਟੀ. ਵੀ. ਚੈਨਲਾਂ ‘ਤੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਵਿਰੋਧੀ ਦਲਾਂ ਦੇ ਆਗੂਆਂ ਨੇ ਵੀ ਕਮਿਸ਼ਨਰ ਨੂੰ ਪੱਤਰ ਲਿਖੇ ਹਨ, ਇਸ ਨਾਲ ਸਪੱਸ਼ਟ ਹੈ ਕਿ ਨਿਰਪੱਖ ਚੋਣ ਕਰਵਾਉਣ ਲਈ ਅੰਮ੍ਰਿਤਸਰ, ਜਲੰਧਰ, ਪਟਿਆਲਾ ਨਗਰ ਨਿਗਮਾਂ ਦੇ ਨਾਲ ਸਾਰੀਆਂ 31 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿਚ ਪੈਰਾ ਮਿਲਟਰੀ ਫੋਰਸ ਅਤੇ ਨੇੜਲੇ ਸੂਬਿਆਂ ਤੋਂ ਚੋਣ ਆਬਜ਼ਰਵਰ ਨੂੰ ਲਾਇਆ ਜਾਣਾ ਜ਼ਰੂਰੀ ਹੈ।

LEAVE A REPLY