ਪੰਚਕੂਲਾ — ਸਾਧਵੀਆਂ ਨਾਲ ਬਲਾਤਕਾਰ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਨੂੰ ਪੁਲਸ ਦੀ ਵਿਸ਼ੇਸ਼ ਟੀਮ ਨੇ ਪੰਚਕੂਲਾ ਜ਼ਿਲਾ ਕੋਰਟ ‘ਚ ਪੇਸ਼ ਕੀਤਾ। ਹਨੀਪ੍ਰੀਤ ਨੂੰ ਅੰਬਾਲਾ ਜੇਲ ਭੇਜੇ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਕੋਰਟ ‘ਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਹਨੀਪ੍ਰੀਤ ਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਹੀ ਪੇਸ਼ ਕੀਤਾ ਜਾਂਦਾ ਰਿਹਾ ਹੈ। ਅੱਜ ਕੋਰਟ ‘ਚ ਹਨੀਪ੍ਰੀਤ ਨੂੰ ਚਾਰਜਸ਼ੀਟ ਦੀ ਕਾਪੀ ਦਿੱਤੀ ਜਾਵੇਗੀ। ਪੰਚਕੂਲਾ ਹਿੰਸਾ ਮਾਮਲੇ ‘ਚ ਨਾਮਜ਼ਦ ਹਨੀਪ੍ਰੀਤ ਅਤੇ ਲਗਭਗ 80 ਡੇਰਾ ਪ੍ਰੇਮਿਆਂ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ।
1200 ਪੇਜ਼ ਦੀ ਚਾਰਜਸ਼ੀਟ ‘ਚ ਹਨੀਪ੍ਰੀਤ ਦੇ ਅਪਰਾਧਾਂ ਦਾ ਕਾਲਾ ਚਿੱਠਾ
ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 25 ਅਗਸਤ ਨੂੰ ਹੋਈ ਹਿੰਸਾ ਨੂੰ ਭੜਕਾਉਣ ਅਤੇ ਦੇਸ਼ ਧ੍ਰੋਹ ਦੇ ਮਾਮਲੇ ‘ਚ ਮੁਖ ਦੋਸ਼ੀ ਹੈ ਹਨੀਪ੍ਰੀਤ। ਹਨੀਪ੍ਰੀਤ ਸਮੇਤ 15 ਲੋਕਾਂ ਦੇ ਖਿਲਾਫ ਐੱਸ.ਆਈ.ਟੀ. ਨੇ ਸੀ.ਬੀ.ਆਈ. ਕੋਰਟ ‘ਚ 1200 ਸਫਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ‘ਚ ਹਨੀਪ੍ਰੀਤ ਦੇ ਨਾਲ-ਨਾਲ ਚਮਕੌਰ ਅਤੇ ਗੁਰਮੀਤ ਸਿੰਘ ਦੇ ਪੀ.ਏ. ਰਾਕੇਸ਼ ਕੁਮਾਰ ਨੂੰ ਮੁਖ ਦੋਸ਼ੀ ਬਣਾਇਆ ਗਿਆ ਹੈ। ਇਸ ਚਲਾਨ ‘ਚ ਸੁਰਿੰਦਰ ਧਿਮਾਨ, ਗੁਰਮੀਤ, ਸ਼ਰਣਜੀਤ ਕੌਰ, ਦਿਲਾਵਰ ਸਿੰਘ, ਗੋਵਿੰਦ, ਪ੍ਰਦੀਪ ਕੁਮਾਰ, ਗੁਰਮੀਤ ਕੁਮਾਰ, ਦਾਨ ਸਿੰਘ, ਸੁਖਦੀਪ ਕੌਰ, ਸੀ.ਪੀ. ਅਰੋੜਾ, ਖਰੈਤੀ ਲਾਲ ਦੇ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ।

ਹਨੀਪ੍ਰੀਤ ਨੇ ਰਿਮਾਂਡ ਦੇ ਦੌਰਾਨ ਕਬੂਲ ਕੀਤੀ ਸੀ ਦੰਗਿਆਂ ‘ਚ ਹੱਥ ਹੋਣ ਦੀ ਗੱਲ
9 ਦਿਨਾਂ ਦੇ ਰਿਮਾਂਡ ‘ਚ ਹਨੀਪ੍ਰੀਤ ਨੇ ਦੰਗਿਆਂ ‘ਚ ਉਸਦਾ ਹੱਥ ਹੋਣ ਦੀ ਗੱਲ ਕਬੂਲੀ ਸੀ। ਇਸ ਤੋਂ ਇਲਾਵਾ ਪੁਲਸ ਨੂੰ ਹਨੀਪ੍ਰੀਤ ਕੋਲੋਂ ਮੋਬਾਈਲ, ਲੈਪਟਾਪ, ਡਾਇਰੀ ਅਤੇ ਕਈ ਅਹਿਮ ਦਸਤਾਵੇਜ਼ ਮਿਲੇ ਸਨ। ਜ਼ਿਕਰਯੋਗ ਹੈ ਕਿ 4 ਅਕਤੂਬਰ ਨੂੰ 39 ਦਿਨਾਂ ਬਾਅਦ ਗ੍ਰਿਫਤਾਰ ਕੀਤੀ ਗਈ ਹਨੀਪ੍ਰੀਤ ਨੂੰ ਪੁਲਸ ਨੇ ਦੋ ਵਾਰ 9 ਦਿਨਾਂ ਦੇ ਰਿਮਾਂਡ ‘ਤੇ ਲਿਆ, ਫਿਰ 13 ਅਕਤੂਬਰ ਨੂੰ ਕੋਰਟ ‘ਚ ਪੇਸ਼ ਕੀਤਾ ਅਤੇ ਉਥੋਂ ਉਸਦੀ ਇਕ ਸਾਥੀ ਸੁਖਦੀਪ ਕੌਰ ਸਮੇਤ ਅੰਬਾਲਾ ਸੈਂਟਰਲ ‘ਚ ਜੂਡਿਸ਼ੀਅਲ ਕਸਟਡੀ ‘ਚ ਭੇਜ ਦਿੱਤਾ ਗਿਆ ਸੀ।

LEAVE A REPLY