ਵਰਜੀਨੀਆ ( ਹੁਸਨ ਲਡ਼ੋਆ ਬੰਗਾ) 1984 ਤੋਂ ਬਾਅਦ ਸ਼ੁਰੂ ਹੋਏ ਸਿੱਖ ਸੰਘਰਸ਼ ਨੂੰ ਅਮਰੀਕਾ ਦੀ ਕਾਂਗਰਸ ਅਤੇ ਸੈਨੇਟ ਦੇ ਗਲਿਆਰਿਆਂ ਤੱਕ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਕੌਂਸਲ ਆਫ ਖਾਲਿਸਤਾਨ ਦੇ ਪ੍ਰਧਾਨ ਡਾ.ਗੁਰਮੀਤ ਸਿੰਘ ਔਲਖ ਪਿਛਲੀ 21 ਜੂਨ ਨੂੰ ਅਕਾਲ ਚਲਾਣਾ ਕਰ ਗਏ ਸਨ। ਜਿੱਥੇ ਉਹਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸਿੱਖ ਸੈਂਟਰ ਆਫ ਵਰਜੀਨੀਆ ਵਿਖੇ ਕੀਤੀ ਗਈ ਉੱਥੇ ਟਰਾਈਸਟੇਟ ਦੀਆਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਉਹਨਾਂ ਦੀ ਯਾਦ ਵਿੱਚ ਸਥਾਨਕ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਥਕ ਸਖਸ਼ੀਅਤਾਂ ਨੇ ਡਾ.ਔਲਖ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਿਰਕਤ ਕੀਤੀ। ਅਮਰੀਕਾ ਵਿੱਚ ਖਾਲਿਸਤਾਨੀ ਸੰਘਰਸ਼ ਦਾ ਥੰਮ ਰਹੇ ਡਾ.ਔਲਖ ਦੇ ਦ੍ਰਿਡ਼ ਇਰਾਦੇ ਨੂੰ ਸਿਜਦਾ ਕਰਦਿਆਂ ਖਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ.ਅਮਰਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਡਾ.ਔਲਖ ਉਸੇ ਲਡ਼ੀ ਦਾ ਹਿੱਸਾ ਸਨ ਜਿੰਨਾਂ ਨੇ ਭਾਰਤ ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਅਤੇ ਹੋ ਰਹੇ ਤਸ਼ੱਦਦ ਖਿਲਾਫ ਅਵਾਜ਼ ਬੁਲੰਦ ਕੀਤੀ ਅਤੇ ਹੁਕੂਮਤ ਦਾ ਸਿੱਖ ਵਿਰੋਧੀ ਚਿਹਰਾ ਦੁਨੀਆ ਸਾਹਮਣੇ ਲਿਆਂਦਾ। ਸਿੱਖਸ ਫਾਰ ਜਸਟਿਸ ਤੋਂ ਡਾ.ਬਖਸ਼ੀਸ਼ ਸਿੰਘ ਸੰਧੂ ਨੇ ਕਿਹਾ ਕਿ ਡਾ.ਔਲਖ ਵੱਲੋਂ ਅਮਰੀਕੀ ਕਾਂਗਰਸ ਵਿੱਚ ਕੀਤੀ ਲਾਮਬੰਦੀ ਅੱਜ ਦੋ ਕਿਤਾਬਾਂ ਦੇ ਰੂਪ ਵਿੱਚ ਉਪਲਬਦ ਹੈ ਜੋ ਅਜੋਕੇ ਇਤਿਹਾਸ ਨੂੰ ਅਗਲੀ ਪੀਡ਼੍ਹੀ ਤੱਕ ਪਹੁੰਚਾਉਣ ਵਿੱਚ ਸਹਾਈ ਹੋਵੇਗੀ। ਅਕਾਲੀ ਦਲ (ਅ) ਦੇ ਕਨਵੀਨਰ ਬੂਟਾ ਸਿੰਘ ਖਡ਼ੌਦ ਨੇ ਕਿਹਾ ਕਿ ਡਾ.ਔਲਖ ਨੇ ਸਿੱਖ ਸੰਘਰਸ਼ ਨੂੰ ਸਿੱਖ ਨੁਕਤਾਨਿਗਾ ਤੋਂ ਦੁਨੀਆ ਸਾਹਮਣੇ ਪੇਸ਼ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਅਸੀਂ ਉਹਨਾਂ ਵੱਲੋਂ ਕੀਤੇ ਕੰਮਾਂ ਨੂੰ ਅੱਗੇ ਤੋਰਨ ਦਾ ਅਹਿਦ ਕਰਦੇ ਹਾਂ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਦੀਪ ਸਿੰਘ ਢਿੱਲੋਂ ਨੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਤੱਕ ਜੰਗ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਈ। ਢਾਡੀ ਸਿੰਘਾਂ ਵੱਲੋਂ ਸੰਗਤ ਨੂੰ ਵਾਰਾਂ ਰਾਹੀਂ ਸਿੱਖ ਇਤਿਹਾਸ ਨਾਲ ਜੋਡ਼ਿਆ ਗਿਆ। ਭਾਈ ਕੁਲਦੀਪ ਸਿੰਘ ਵਡ਼ੈਚ ਵੱਲੋਂ ਸਟੇਜ ਸਕੱਤਰ ਦੀ ਸੇਵਾ ਸੁਚੱਜੇ ਢੰਗ ਨਾਲ ਨਿਭਾਈ ਗਈ। ਸਮਾਗਮ ਦੇ ਅਖੀਰ ਵਿੱਚ ਖਾਲਿਸਤਾਨੀ ਨਾਅਰਿਆਂ ਦੀ ਗੂੰਜ ਵਿੱਚ ਡਾ.ਔਲਖ ਦੀ ਇੱਕ ਯਾਦਗਾਰੀ ਤਸਵੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ‘ਚ ਸਥਿਤ ਗੈਲਰੀ ਵਿਖੇ ਸਥਾਪਤ ਕੀਤੀ ਗਈ। ਇਹ ਸਮਾਗਮ ਟੀ.ਵੀ84 ਵੱਲੋਂ ਕਵਰ ਕੀਤਾ ਗਿਆ। ਸਮਾਗਮ ਦੌਰਾਨ ਅਕਾਲੀ ਦਲ (ਅ) ਦੇ ਅਮਰੀਕਾ ਯੁਨਿਟ ਦੇ ਪ੍ਰਧਾਨ ਸੁਰਜੀਤ ਸਿੰਘ ਕੁਲਾਰ, ਗੁਰਦੇਵ ਸਿੰਘ ਕੰਗ, ਸਿੱਖਸ ਫਾਰ ਜਸਟਿਸ ਤੋਂ ਅਵਤਾਰ ਸਿੰਘ ਪੰਨੂ, ਸਿੱਖ ਯੂਥ ਆਫ ਅਮਰੀਕਾ ਤੋਂ ਜਸਬੀਰ ਸਿੰਘ, ਮਾਸਟਰ ਹਰਦੇਵ ਸਿੰਘ ਸਮੇਤ ਹੋਰ ਬੁਲਾਰਿਆਂ ਨੇ ਸੰਗਤ ਨੂੰ ਸੰਬੋਧਨ ਕੀਤਾ।

LEAVE A REPLY