ਕੈਨੇਡਾ ਵਿੱਚ ਪੰਜਾਬ ਦੀ ਝਲਕ ਸਾਫ-ਸਾਫ ਵਿਖਾਈ ਦਿੰਦੀ ਹੈ। ਹਰ ਸਾਲ ਹਜ਼ਾਰਾਂ ਪੰਜਾਬੀ ਕੈਨੇਡਾ ਜਾ ਕੇ ਵੱਸ ਜਾਂਦੇ ਹਨ ਤੇ ਇੱਥੇ ਆ ਕੇ ਨੌਕਰੀ ਦੀ ਤਲਾਸ਼ ਕਰਦੇ ਹਨ ਜਾਂ ਕਾਰੋਬਾਰ ਵਿੱਚ ਹੱਥ ਅਜ਼ਮਾਇਸ਼ ਕਰਦੇ ਹਨ। ਇਸ ਵਾਰ ਕੈਨੇਡਾ ਵਿੱਚ ਵੱਖਰਾ ਹੀ ਵਰਤਾਰਾ ਹੋ ਰਿਹਾ ਹੈ। ਪੰਜਾਬੀ ਮੂਲ ਦੇ ਸਿੱਖ ਜਗਮੀਤ ਸਿੰਘ ਨੂੰ ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਪਾਰਟੀ “ਨਿਊ ਡੈਮੋਕ੍ਰੇਟਿਕ ਪਾਰਟੀ” ਦੇ ਸਭ ਤੋਂ ਵੱਡੇ ਨੇਤਾ ਚੁਣਿਆ ਗਿਆ ਹੈ। ਇਸ ਦੇ ਨਾਲ ਉਹ 2019 ਵਿੱਚ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਵਿੱਚ ਉਮੀਦਵਾਰ ਬਣਨਗੇ।
ਕੈਨੇਡਾ ਵਿੱਚ 2019 ਵਿੱਚ ਪ੍ਰਧਾਨ ਮੰਤਰੀ ਲਈ ਹੋਣ ਵਾਲੀ ਚੋਣ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵਿਰੁੱਧ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਅਗਵਾਈ ਦੀ ਜ਼ਿੰਮੇਵਾਰੀ ਜਗਮੀਤ ਸਿੰਘ ਦੀ ਹੋਵੇਗੀ। ਇੱਕ ਆਨਲਾਈਨ ਸਰਵੇਖਣ ਮੁਤਾਬਕ ਕੈਨੇਡਾ ਦੇ 69 ਫ਼ੀਸਦੀ ਮੱਤਦਾਤਾ ਦੁਮਾਲਾ ਰੂਪੀ ਇਸ ਪਗੜੀਧਾਰੀ ਤੇ ਕਿਰਪਾਨ ਦੇ ਧਾਰਨੀ ਨੂੰ ਆਪਣਾ ਕੌਮੀ ਨੇਤਾ ਚੁਣਨ ਲਈ ਰਾਜ਼ੀ ਹਨ।
2014 ਵਿੱਚ ਐਂਗਸ ਰੀਡ ਸੰਸਥਾ ਵੱਲੋਂ ਗ਼ੈਰ ਮੁਨਾਫ਼ਾ ਤੇ ਗ਼ੈਰ ਪੱਖਪਾਤੀ ਕੌਮੀ ਲੋਕਮੱਤ ਮੁਤਾਬਕ ਲੋਕ ਜਗਮੀਤ ਸਿੰਘ ਬਾਰੇ ਜ਼ਿਆਦਾ ਉਤਸ਼ਾਹਤ ਸਨ, ਜੋ ਕੈਨੇਡਾ ਦੇ ਘੱਟ ਗਿਣਤੀ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹਨ। ਉਸ ਸਮੇਂ 71% ਲੋਕ ਇਸ ਕਥਨ ਨਾਲ ਸਹਿਮਤ ਸਨ ਕਿ ਇੱਕ ਘੱਟ ਗਿਣਤੀ ਭਾਈਚਾਰੇ ਦੇ ਮੈਂਬਰ ਦੀ ਅਗਵਾਈ ਵਾਲੀ ਵੱਡੀ ਸਿਆਸੀ ਪਾਰਟੀ ਦੀ ਮੌਜੂਦਗੀ ਸਮੁੱਚੇ ਕੈਨੇਡਾ ਲਈ ਚੰਗੀ ਹੈ।
ਉਦੋਂ ਸਰਵੇਖਣ ਵਿੱਚ ਕਿਹਾ ਗਿਆ ਸੀ ਕਿ ਸਿੱਖ ਧਰਮ ਨੂੰ ਮੰਨਣ ਕਾਰਨ ਚੋਣਾਂ ਵਿੱਚ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ। ਹਾਲਾਂਕਿ, ਜਦੋਂ ਉੱਤਰ ਦੇਣ ਵਾਲਿਆਂ ਨੂੰ ਇਹ ਪੁੱਛਿਆ ਗਿਆ ਕਿ ਉਨ੍ਹਾਂ ਦੇ ਕਿੰਨੇ ਪਰਿਵਾਰਕ ਮੈਂਬਰ ਜਾਂ ਕਰੀਬੀ ਦੋਸਤ ਇੱਕ ਸਿੱਖ ਦੀ ਅਗਵਾਈ ਵਾਲੀ ਪਾਰਟੀ ਨੂੰ ਵੋਟ ਦੇਣਗੇ ਤਾਂ 50 ਫ਼ੀਸਦੀ ਲੋਕਾਂ ਨੇ ਇਹ ਜਵਾਬ ਦਿੱਤਾ ਸੀ ਕਿ ਜ਼ਿਆਦਾਤਰ ਜਾਂ ਕੁਝ ਲੋਕ। ਇਸ ਸਰਵੇਖਣ ਵਿੱਚ 77 ਫ਼ੀਸਦੀ ਲੋਕਾਂ ਦਾ ਮੰਨਣਾ ਸੀ ਕਿ ਇੱਕ ਸਿਆਸੀ ਵਿਅਕਤੀ ਦੇ ਧਾਰਮਿਕ ਜਾਂ ਸੱਭਿਆਚਾਰਕ ਪਛਾਣ ਨਾਲ ਕੋਈ ਫਰਕ ਨਹੀਂ ਪੈਂਦਾ, ਸਿਰਫ਼ ਉਸ ਦੀਆਂ ਨੀਤੀਆਂ ਵਧੀਆ ਹੋਣੀਆਂ ਚਾਹੀਦੀਆਂ ਹਨ।
ਜਦੋਂ ਸਰਵੇਖਣ ਵਿੱਚ ਸ਼ਾਮਲ ਹੋਏ ਲੋਕਾਂ ਤੋਂ ਇਹ ਪੁੱਛਿਆ ਗਿਆ ਕਿ ਕੈਨੇਡਾ ਵਿੱਚ ਕਿੰਨੇ ਲੋਕ ਸਿੱਖ ਵਿਅਕਤੀ ਦੀ ਅਗਵਾਈ ਵਾਲੀ ਪਾਰਟੀ ਲਈ ਵੋਟ ਨਹੀਂ ਕਰ ਸਕਦੇ, ਤਾਂ ਜਵਾਬ ਦੇਣ ਵਾਲੇ 80 ਫ਼ੀਸਦੀ ਲੋਕਾਂ ਵਿੱਚੋਂ 21% ਲੋਕਾਂ ਦਾ ਇਹ ਜਵਾਬ ਸੀ ਕਿ ਜ਼ਿਆਦਾਤਰ ਲੋਕ ਵੋਟ ਨਹੀਂ ਕਰਨਗੇ ਤੇ 59% ਲੋਕਾਂ ਨੇ ਕਿਹਾ ਸੀ ਕਿ ਕੁਝ ਲੋਕ ਵੋਟ ਨਹੀਂ ਕਰਨਗੇ। ਇਸ ਸਰਵੇਖਣ ਤੋਂ ਇਹ ਜਾਪਦਾ ਹੈ ਕਿ ਕੈਨੇਡਾ ਦੇ ਲੋਕ ਇੱਕ ਸਿੱਖ ਵਿਅਕਤੀ ਨੂੰ ਦੇਸ਼ ਦੀ ਵਾਗਡੋਰ ਸੰਭਾਉਣ ਲਈ ਰਾਜ਼ੀ ਹਨ।
ਕੈਨੇਡਾ ਦੇ ਹੀ ਜੰਮਪਲ ਜਗਮੀਤ ਸਿੰਘ ਦਾ ਜਨਮ 2 ਜਨਵਰੀ, 1979 ਨੂੰ ਓਂਟਾਰੀਓ ਸੂਬੇ ਵਿੱਚ ਹੋਇਆ ਸੀ। ਉਸ ਦੇ ਮਾਤਾ ਪਿਤਾ ਪੰਜਾਬ ਤੋਂ ਕੈਨੇਡਾ ਜਾ ਕੇ ਵਸੇ ਹੋਏ ਸਨ। ਜਗਮੀਤ ਸਿੰਘ ਪੇਸ਼ੇ ਵਜੋਂ ਇੱਕ ਵਕੀਲ (ਕ੍ਰਿਮੀਨਲ ਡਿਫੈਂਸ ਲੌਇਰ) ਹੈ ਤੇ ਉਹ ਤਾਈਕਵੌਂਡੋ, ਜੂਡੋ ਤੇ ਥਾਈ ਬੌਕਸਿੰਗ ਆਦਿ ਖੇਡਾਂ ਦਾ ਵੀ ਕਾਫੀ ਸ਼ੌਕੀਨ ਹੈ।
ਦੱਸ ਦਈਏ ਕਿ ਜਗਮੀਤ ਸਿੰਘ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਨਾਮਵਰ ਆਜ਼ਾਦੀ ਘੁਲਾਟੀਏ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤਰੇ ਹਨ। ਇਸ ਕਾਰਨ ਪੰਜਾਬ ਦੇ ਲੋਕਾਂ ਦੀ ਵੀ ਜਗਮੀਤ ਸਿੰਘ ਨਾਲ ਭਾਵਨਾਤਮਕ ਸਾਂਝ ਹੈ।

LEAVE A REPLY