ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਐੱਨ.ਡੀ.ਪੀ. ਪਾਰਟੀ ਮੰਗਲਵਾਰ ਨੂੰ ਸਰਕਾਰ ਬਣਾਉਣ ਜਾ ਰਹੀ ਹੈ।  ਉਮੀਦ ਹੈ ਕਿ ਪ੍ਰੀਮੀਅਰ ਜਾਨ ਹਾਰਗਨ ਪੰਜਾਬੀ ਮੂਲ ਦੇ ਦੋ ਐੱਮ.ਐੱਲ.ਏ.ਹੈਰੀ ਬੈਂਸ ਅਤੇ ਰਾਜ ਚੌਹਾਨ ਨੂੰ ਕੈਬਨਟ ‘ਚ ਥਾਂ ਦੇ ਸਕਦੀ ਹੈ। ਜਾਨ ਹਾਰਗਨ ਆਪਣੀ ਪਾਰਟੀ ਦੇ ਸਾਰੇ ਐੱਮ.ਐੱਲ.ਏਜ਼ ਦੀ ਨਿੱਜੀ ਇੰਟਰਵੀਊ ਵੀ ਲੈ ਚੁੱਕੇ ਹਨ ਅਤੇ ਉਨ੍ਹਾਂ ਤੋਂ ਉਨ੍ਹਾਂ ਦੀਆਂ ਦਿਲਚਸਪੀਆਂ ਅਤੇ ਟੀਚਿਆਂ ਬਾਰੇ ਵੀ ਪੁੱਛ ਚੁੱਕੇ ਹਨ। ਹੁਣ ਤਕ ਦੀਆਂ ਰਾਜਨੀਤਕ ਚਰਚਾਵਾਂ ਮਗਰੋਂ ਕਿਹਾ ਜਾ ਰਿਹਾ ਹੈ ਕਿ ਹੈਰੀ ਬੈਂਸ ਅਤੇ ਰਾਜ ਚੌਹਾਨ ਦੋਹਾਂ ਦੀ ਸਥਿਤੀ ਮਜਬੂਤ ਦਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਹੀ ਚੋਣਾਂ ‘ਚ 6 ਇੰਡੋ-ਕੈਨੇਡੀਅਨ ਐੱਮ.ਐੱਲ ਏ. ਚੁਣੇ ਗਏ ਸਨ।
ਇਹ ਵੀ ਦੱਸਣਯੋਗ ਹੈ ਕਿ 9 ਮਈ ਨੂੰ ਹੋਈਆਂ ਇਨ੍ਹਾਂ ਚੋਣਾਂ ‘ਚ ਹੈਰੀ ਬੈਂਸ ਸਰੀ ‘ਚ ਚੌਥੀ ਵਾਰ ਚੁਣੇ ਗਏ ਹਨ। ਉਨ੍ਹਾਂ ਨੂੰ ਸਭ ਤੋਂ ਪਹਿਲਾਂ ਚੋਣਾਂ ‘ਚ ਮਈ
2005 ‘ਚ ਜਿੱਤ ਪ੍ਰਾਪਤ ਹੋਈ ਸੀ ਅਤੇ ਇਸ ਮਗਰੋਂ 2009, 2013 ਅਤੇ ਹੁਣ ਮਈ 2017 ‘ਚ ਉਹ ਚੌਥੀ ਵਾਰ ਚੁਣੇ ਗਏ ਹਨ। ਉੱਥੇ ਹੀ ਰਾਜ ਚੌਹਾਨ ਅਸਿਸਟੈਂਟ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਵਾਰ ਉਹ ਸਪੀਕਰ ਲਈ ਚੁਣੇ ਜਾ ਸਕਦੇ ਹਨ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਚੌਹਾਨ ਨੇ ਕਿਸੇ ਵੀ ਵਿਭਾਗ ਦਾ ਕੰਮ ਸੰਭਾਲਣ ਦੀ ਇੱਛਾ ਜ਼ਾਹਿਰ ਕੀਤੀ ਹੈ। ਜੇਕਰ ਇਹ ਦੋਵੇਂ ਪੰਜਾਬੀ ਮੰਤਰੀ ਬਣਦੇ ਹਨ ਤਾਂ ਪੰਜਾਬੀ ਭਾਈਚਾਰੇ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹੇਗਾ।

LEAVE A REPLY