ਵਿਦੇਸ਼ਾਂ ਵਿੱਚ ਰੱਖੇ ਕਾਲੇ ਧਨ ਨੂੰ ਦੇਸ਼ ਵਾਪਸ ਲਿਆਉਣ ਦੇ ਲਈ ਭਾਰਤ ਦੀ ਮੁਹਿੰਮ ਨੂੰ ਇੱਕ ਵੱਡਾ ਝਟਕਾ ਲੱਗਣ ਦਾ ਖਤਰਾ ਪੈਦਾ ਹੋ ਗਿਆ ਹੈ।

ਦਿ ਵਾਇਰ ਦੀ ਰਿਪੋਰਟ ਮੁਤਾਬਕ ਸਵਿਟਜ਼ਰਲੈਂਡ ਦੀ ਮੁੱਖ ਸੱਜੇ ਪੱਖੀ ਪਾਰਟੀ ਸਵਿਸ ਪੀਪਲਜ਼ ਪਾਰਟੀ (ਐਸ ਵੀ ਪੀ) ਨੇ ਭਾਰਤ ਸਮੇਤ 11 ਦੇਸ਼ਾਂ ਨੂੰ ਭ੍ਰਿਸ਼ਟ ਅਤੇ ਤਾਨਾਸ਼ਾਹੀ ਵਾਲੇ ਦੇਸ਼ ਦੱਸ ਕੇ ਟੈਕਸ ਫਰਾਡ ਨਾਲ ਜੁੜਿਆ ਡਾਟਾ ਦੇਣ ਦਾ ਵਿਰੋਧ ਕੀਤਾ ਹੈ। ਸਵਿਟਜ਼ਰਲੈਂਡ ਅਤੇ ਭਾਰਤ ਵਿਚਾਲੇ ਸਾਲ 2016 ਵਿੱਚ ਇਕ ਸਮਝੌਤਾ ਹੋਇਆ ਸੀ, ਜਿਸ ਦੇ ਤਹਿਤ ਦੋਵੇਂ ਦੇਸ਼ਾਂ ਨੇ ਟੈਕਸ ਚੋਰੀ ਰੋਕਣ ਲਈ ਇਕ ਦੂਜੇ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਸਾਂਝੀ ਕਰਨ ਬਾਰੇ ਇੱਕ ਰਾਏ ਬਣਾਈ ਸੀ। ਜਿਨ੍ਹਾਂ ਦੇਸ਼ਾਂ ਦੇ ਬੈਂਕਾਂ ਵਿੱਚ ਭਾਰਤੀਆਂ ਵਲੋਂ ਸਭ ਤੋਂ ਜ਼ਿਆਦਾ ਕਾਲਾ ਧਨ ਜਮਾ ਕਰਨ ਦੇ ਦੋਸ਼ ਲੱਗਦੇ ਰਹੇ ਹਨ, ਸਵਿਟਜ਼ਰਲੈਂਡ ਉਨ੍ਹਾਂ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ।

ਇਹ ਵੀ ਮੰਨਿਆ ਜਾਂਦਾ ਹੈ ਕਿ ਸਵਿਸ ਅਰਥ ਵਿਵਸਥਾ ਵਿੱਚ ਵਿਦੇਸ਼ਾਂ ਤੋਂ ਆਏ ਕਾਲੇ ਧਨ ਦੀ ਅਹਿਮ ਭੂਮਿਕਾ ਹੈ। ਤਾਜ਼ਾ ਰਿਪੋਰਟ ਮੁਤਾਬਕ ਐਸ ਵੀ ਸੀ ਨੇ ਪਿਛਲੇ ਹਫਤੇ ਇਕ ਲਿਸਟ ਜਾਰੀ ਕੀਤੀ ਹੈ, ਜਿਸ ਵਿੱਚ ਸ਼ਾਮਲ ਦੇਸ਼ ਵਿੱਚ ਭਾਰਤ, ਅਰਜਨਟੀਨਾ, ਬ੍ਰਾਜ਼ੀਲ, ਚੀਨ, ਰੂਸ, ਸਾਊਦੀ ਅਰਬ, ਇੰਡੋਨੇਸ਼ੀਆ, ਕੋਲੰਬੀਆ, ਮੈਕਸੀਕੋ, ਦੱਖਣੀ ਅਫਰੀਕਾ ਅਤੇ ਯੂ ਏ ਈ ਨੂੰ ਭ੍ਰਿਸ਼ਟ ਦੇਸ਼ ਕਿਹਾ ਗਿਆ ਹੈ।

ਐਸ ਵੀ ਪੀ ਪਾਰਟੀ ਦੇ ਪ੍ਰਧਾਨ ਐਲਬਰਟ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਭ੍ਰਿਸ਼ਟ ਅਤੇ ਤਾਨਾਸ਼ਾਹੀ ਦੇਸ਼ਾਂ ਨੂੰ ਬੈਂਕਾਂ ਦਾ ਡਾਟਾ ਦਿੱਤਾ ਜਾਵੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਦੇਸ਼ਾਂ ਨੂੰ ਇਹ ਡਾਟਾ ਦੇਣ ਉੱਤੇ ਓਥੇ ਭ੍ਰਿਸ਼ਟ ਟੈਕਸ ਅਧਿਕਾਰੀ ਸਾਰੇ ਗ੍ਰਾਹਕਾਂ ਨੂੰ ਧਮਕਾਉਣਗੇ ਅਤੇ ਬਲੈਕਮੇਲ ਕਰਨਗੇ।

ਵਾਇਰ ਦੀ ਰਿਪੋਰਟ ਮੁਤਾਬਕ ਸਵਿਸ ਅਖਬਾਰ ਨੇ ਭਾਰਤ ਸਮੇਤ ਇਨ੍ਹਾਂ ਸਾਰੇ ਦੇਸ਼ਾਂ ਨੂੰ ਬਹੁਤ ਜ਼ਿਆਦਾ ਭ੍ਰਿਸ਼ਟ ਜਾਂ ਅਰਧ ਤਾਨਾਸ਼ਾਹੀ ਵਾਲੇ ਕਿਹਾ ਹੈ। ਰਿਪੋਰਟ ਮੁਤਾਬਕ ਐਸ ਵੀ ਪੀ ਨੇ ਦਾਅਵਾ ਕੀਤਾ ਕਿ ਸਵਿਸ ਪਾਰਲੀਮੈਂਟ ਵਿੱਚ ਵੀ ਉਸ ਨੂੰ ਕਈ ਹੋਰ ਪਾਰਟੀਆਂ ਦੀ ਵੀ ਇਸ ਮੁੱਦੇ ਉੱਤੇ ਹਮਾਇਤ ਹਾਸਲ ਹੈ ਅਤੇ ਉਹ ਇਸ ਮਾਮਲੇ ਵਿੱਚ ਹਰ ਪੱਧਰ ਉੱਤੇ ਲੜਨਗੇ।

LEAVE A REPLY