ਭਾਜਪਾ ਸੰਸਦ ਮੈਂਬਰ ਇੰਜੀ. ਸ਼ਵੇਤ ਮਲਿਕ ਨੇ ਦਾਅਵਾ ਕੀਤਾ ਹੈ ਕਿ ਫਰਵਰੀ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਅੰਮ੍ਰਿਤਸਰ-ਬਰਮਿੰਘਮ ਫਲਾਈਟ ਉਨ੍ਹਾਂ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਨਤੀਜਾ ਹੈ, ਜਦਕਿ ਕਾਂਗਰਸ ਬਿਨਾਂ ਵਜ੍ਹਾ ਹੀ  ਕੇਂਦਰ ਦੀ ਇਸ ਦੇਣ ਦਾ ਸਿਹਰਾ ਲੈਣ ਦੀ ਤਾਕ ਵਿਚ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਉਨ੍ਹਾਂ ਨੇ ਕਾਂਗਰਸੀ ਸੰਸਦ ਮੈਂਬਰ ਅਤੇ ਵਿਧਾਇਕਾਂ ਤੋਂ ਮੰਗ ਕੀਤੀ ਕਿ ਉਹ ਕੇਂਦਰ ਦੇ ਪ੍ਰਾਜੈਕਟਾਂ ਨੂੰ ਆਪਣੇ ਖਾਤੇ ਵਿਚ ਪਾਉਣ ਦੀ ਬਜਾਏ ਪੰਜਾਬ ਸਰਕਾਰ ਦੇ ਇਕ ਸਾਲ ਦੇ ਕੰਮਾਂ ਦਾ ਲੇਖਾ-ਜੋਖਾ ਦੇਣ।
ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ 2010 ਵਿਚ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਦਾ ਪਤਨ ਸ਼ੁਰੂ ਹੋਇਆ, ਜਦੋਂ ਕਾਂਗਰਸ ਨੇ ਅੰਮ੍ਰਿਤਸਰ ਦੀ ਸਿੱਧੀ ਬਰਮਿੰਘਮ, ਸਿੰਗਾਪੁਰ ਅਤੇ ਲੰਡਨ ਦੀ ਫਲਾਈਟ ਬੰਦ ਕਰਵਾ ਦਿੱਤੀ। ਕਾਂਗਰਸ ਨੇ ਅਜਿਹਾ ਦਿੱਲੀ ਦੀ ਇਕ ਨਿੱਜੀ ਕੰਪਨੀ ਨੂੰ ਇਸ ਦਾ ਲਾਭ ਪਹੁੰਚਾਉਣ ਲਈ ਕੀਤਾ। 24 ਅਪ੍ਰੈਲ 2016 ਨੂੰ ਉਨ੍ਹਾਂ ਨੇ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ ਅਤੇ 30 ਅਪ੍ਰੈਲ 2016 ਨੂੰ ਕੇਂਦਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨਾਲ ਮੁਲਾਕਾਤ ਕਰ ਕੇ ਏਅਰਪੋਰਟ ਤੋਂ ਬੰਦ ਹੋਈਆਂ ਉਡਾਣਾਂ ਬਹਾਲ ਕਰਨ, ਉਨ੍ਹਾਂ ਦੀ ਗਿਣਤੀ ਵਧਾਉਣ ਅਤੇ ਕੈਟ 3-ਬੀ ਸਿਸਟਮ ਅੰਮ੍ਰਿਤਸਰ ਏਅਰਪੋਰਟ ‘ਤੇ ਲਾਉਣ ਦੀ ਮੰਗ ਵੀ ਕੀਤੀ। 3 ਜੁਲਾਈ ਨੂੰ ਉਨ੍ਹਾਂ ਨੇ ਫਿਰ ਕੇਂਦਰੀ ਹਵਾਬਾਜ਼ੀ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ 8 ਅਗਸਤ ਨੂੰ ਇਸ ਸਬੰਧੀ ਏਅਰਪੋਰਟ ‘ਤੇ ਪਹਿਲੀ ਮੀਟਿੰਗ ਵੀ ਹੋਈ। ਉਨ੍ਹਾਂ ਨੇ ਸੰਸਦ ਵਿਚ ਵੀ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਚੁੱਕਿਆ। ਉਨ੍ਹਾਂ ਦੇ ਯਤਨਾਂ ਨਾਲ ਹੀ 24 ਨਵੰਬਰ 2016 ਨੂੰ ਹੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੰਤ ਸਿਨ੍ਹਾ ਵਲੋਂ ਬਠਿੰਡਾ ਏਅਰਪੋਰਟ ਦੇ ਉਦਘਾਟਨ ਦੌਰਾਨ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅੰਮ੍ਰਿਤਸਰ-ਬਰਮਿੰਘਮ ਫਲਾਈਟ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਗਿਆ।
ਉਪਰੰਤ ਕੇਂਦਰ ਸਰਕਾਰ ਵਲੋਂ ਏਅਰ ਕਾਰਗੋ ਲਈ ਵਿਸ਼ਾਲ ਹਾਲ ਦੀ ਉਸਾਰੀ ਤੇ ਏਅਰਪੋਰਟ ‘ਤੇ ਲਾਊਂਜ ਬਣਾਉਣ। ਇਸ ਦੇ ਇਲਾਵਾ ਫੂਡ ਕੋਰਟ ਬਣਾਉਣ ਦੇ ਮਤੇ ਨੂੰ ਹਰੀ ਝੰਡੀ ਦਿੱਤੀ ਗਈ ਅਤੇ 200 ਕਰੋੜ ਨਾਲ ਕੈਟ 3-ਡੀ ਲਾਈਟਾਂ ਏਅਰਪੋਰਟ ‘ਤੇ ਲਵਾਈਆਂ ਗਈਆਂ। ਲੋਕਾਂ ਦੀ ਸਹੂਲਤ ਲਈ ਉਥੇ ਵਿਸ਼ਾਲ ਸ਼ੈੱਡਾਂ ਦੀ ਉਸਾਰੀ, ਮਲਟੀ ਸਟੋਰੀ ਪਾਰਕਿੰਗ ਬਣਾਈਆਂ ਜਾ ਰਹੀਆਂ ਹਨ। ਏਅਰ ਕਾਰਗੋ ਸਕੈਨਰ ਵੀ ਲਾਏ ਗਏ ਹਨ।  ਏਅਰਪੋਰਟ ‘ਤੇ ਏਅਰੋ ਬ੍ਰਿਜ ਬਣ ਕੇ ਤਿਆਰ ਹੈ ਤੇ 20 ਫਰਵਰੀ ਨੂੰ ਅੰਮ੍ਰਿਤਸਰ-ਬਰਮਿੰਘਮ ਉਡਾਣ ਦੇ ਉਦਘਾਟਨ ਦੇ ਨਾਲ-ਨਾਲ ਇਸ ਦਾ ਵੀ ਉਦਘਾਟਨ ਹੋਵੇਗਾ।
ਉਨ੍ਹਾਂ ਨੇ 15 ਕੁ ਦਿਨ ਪਹਿਲਾਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਅੰਮ੍ਰਿਤਸਰ-ਬਰਮਿੰਘਮ ਉਡਾਣ ਸ਼ੁਰੂ ਕਰਵਾਉਣ ਦਾ ਸਿਹਰਾ ਲਏ ਜਾਣ ‘ਤੇ ਵਿਅੰਗ ਕਰਦਿਆਂ ਕਿਹਾ ਕਿ ਔਜਲਾ ਨੂੰ ਤਾਂ ਇਸ ਦੇ ਉਦਘਾਟਨ ਦੀ ਮਿਤੀ ਵੀ ਨਹੀਂ ਪਤਾ ਸੀ।

LEAVE A REPLY